Sunday, October 25, 2026

ਨਾ ਜਾਣੇ ਉਹ ਕੌਣ ਸਨ


ਨਾ ਜਾਣੇ ਉਹ ਕੌਣ ਸਨ

ਜੋ ਸਾਹਾਂ ਦੇ ਪੁਲ ਉੱਤੋਂ ਦੀ ਜ਼ਿੰਦਗੀ ਨੂੰ

ਤਰਲਿਆਂ ਨਾਲ ਲੰਘਾਉਂਦੇ ਰਹੇ

ਤੇ ਗਲੀਆਂ ‘ਚ ਗੁਆਚੀ ਉਮਰ ਨੂੰ

ਤਲੀਆਂ ਵਿਚ ਲੱਭਦੇ ਰਹੇ..!!


ਬੜੇ ਬੇਦਰਦ ਸਨ ਉਹ

ਜੇਬਾਂ ‘ਚ ਜੁਗਨੂੰ ਲੁਕੋ ਕੇ ਸੂਰਜ ਨੂੰ ਵੰਗਾਰਦੇ ਰਹੇ..!

ਤਸੀਹੇ ਵੀ ਬੜੇ ਸਹੇ ਉਨ੍ਹਾਂ ਨੇ -

ਵਕਤ ਉਨ੍ਹਾਂ ਦੇ ਮੱਥੇ ‘ਚ ਸੋਚ ਬੀਜਦਾ ਰਿਹਾ

ਤੇ ਕਲਮ ਆਪਣੀ ਕੁੱਖ ‘ਚੋਂ ਨਜ਼ਮਾਂ ਜੰਮਦੀ ਰਹੀ।


ਉਂਜ ਬੜੇ ਬੇ-ਤਰਤੀਬ ਜਿਹੇ ਸਨ -

ਹਮੇਸ਼ਾ ਕੋਰੇ ਕਾਗਜ਼ਾਂ ਨੂੰ ਹੀ ਪਾਣੀਆਂ ‘ਚ ਤਾਰਦੇ ਰਹੇ

ਕਹਿੰਦੇ – "ਜੇ ਨਜ਼ਮਾਂ ਰੋੜ੍ਹ ਦਿੱਤੀਆਂ

ਤਾਂ ਦਰਿਆਵਾਂ ਨੂੰ ਆਪਣੀ ਗਹਿਰਾਈ ‘ਤੇ ਸ਼ਰਮਿੰਦਗੀ ਹੋਵੇਗੀ..!"


ਉਂਜ ਸੀ ਬੜੇ ਜ਼ਾਲਿਮ –

ਰੁੱਤਾਂ ਵਾਂਗ ਬਦਲ ਜਾਂਦੇ ਸਨ

ਤੇ ਹੱਸ ਕੇ ਆਖ ਦਿੰਦੇ – 

"ਅਸੀਂ ਕਿਹੜੇ ਇਤਿਹਾਸ ਹਾਂ..!"


ਉਹ, ਨਾ ਜਾਣੇ ਕੌਣ ਸਨ –

ਪਰ ਚੰਗੇ ਸਨ

ਜੇ ਕਿਤੇ ਪਰਤ ਆਏ ਤਾਂ ਪੁੱਛਾਂਗੇ –

ਉਹ ਸਾਰੇ ਸਵਾਲ ਜਿਨ੍ਹਾਂ ਦੇ ਜੁਆਬ

ਉਹ ਜਾਣ ਲੱਗੇ ਨਾਲ ਲੈ ਗਏ ਸਨ…???


No comments:

Post a Comment