ਬੜਾ ਅਜੀਬ ਸ਼ਹਿਰ ਸੀ
ਹਰ ਸ਼ਖ਼ਸ ਜਾਗਦਾ ਜ਼ਰੂਰ ਸੀ
ਪਰ ਜਿਵੇਂ ਸੁੱਤਾ ਹੋਇਆ !
ਕੋਈ ਕਿਸੇ ਦਾ ਜਿਵੇਂ ਕੁਝ ਨਹੀਂ ਸੀ ਲੱਗਦਾ
ਨਾ ਕੋਈ ਰਿਸ਼ਤਾ…ਨਾ ਕੋਈ ਸਾਂਝ
“ਆਂਢ-ਗੁਆਂਢ” ਲਫ਼ਜ਼ ਤੋਂ ਅਨਜਾਣ
ਮਦਦ ਜਿਹੇ ਹਰਫ਼ ਜਿਵੇਂ ਓਥੇ ਗੈਰ-ਜ਼ਰੂਰੀ
ਕਿਸੇ ਉੱਪਰ ਬਿਪਦਾ ਪੈ ਜਾਣ ‘ਤੇ-
“ਸਵਾਰੀ ਆਪਣੇ ਸਮਾਨ ਦੀ ਆਪ ਜ਼ਿਮੇਵਾਰ” ਵਰਗੀ ਸੋਚ
ਜਿਵੇਂ ਕਿਸੇ ਨਾਲ ਕਿਸੇ ਦਾ ਕੋਈ ਸਰੋਕਾਰ ਨਹੀਂ !!
ਇੱਕ ਦਿਨ ਉਸ ਸ਼ਹਿਰ ਨੂੰ
ਕਿਸੇ ਕੁਦਰਤੀ ਬਿਪਦਾ ਨੇ ਘੇਰ ਲਿਆ !
ਬੜੇ ਅਜੀਬ ਸਨ…ਬਾਕੀ ਸ਼ਹਿਰ ਵੀ
ਹਰ ਸ਼ਹਿਰ ਜਾਗਦਾ ਜ਼ਰੂਰ ਸੀ
ਪਰ ਜਿਵੇਂ ਸੁੱਤਾ ਹੋਇਆ !
ੳੇੁਸ ਸ਼ਹਿਰ ਦੀ ਮਦਦ ਲਈ
ਕੋਈ ਹੱਥ ਅੱਗੇ ਨਾ ਆਇਆ
ਤੇ ਉਹ ਸ਼ਹਿਰ…???
ਸੁਣਿਐ ! ਓਥੇ ਇੱਕ ਸ਼ਹਿਰ ਹੁੰਦਾ ਸੀ !!!

No comments:
Post a Comment