Sunday, October 25, 2026

ਲਾਪਤਾ ਬਹਾਰਾਂ

 


ਉਹ ਬਹਾਰਾਂ ਦੀ ਖੋਜ-ਖਬਰ ਲੈਣ ਗਿਆ
ਪੱਤਝੜ ਹੋਕੇ ਮੁੜਿਆ ਹੈ ।
ਉਸਦੀ ਪ੍ਰੇਸ਼ਾਨੀ ਦਾ ਸਬੱਬ ਤਾਂ ਪਤਾ ਲੱਗ ਗਿਐ
ਪਰ ਉਸਦੀ ਸਥਾਈ ਉਦਾਸੀ ਉੱਪਰ 
ਚਰਚਾ ਹੋਣੀ ਅਜੇ ਬਾਕੀ ਹੈ ।

ਜਦੋਂ ਉਹ ਗਿਆ ਸੀ
ਬਹਾਰਾਂ ਲਾਪਤਾ ਸਨ
ਤੇ ਪੱਤਝੜ
ਆਪਣੇ ਨਿਰਧਾਰਿਤ ਸਮੇਂ ਤੋਂ 
ਪਹਿਲਾਂ ਆ ਬਹੁੜੀ ਸੀ ।

ਉਹਨੇ ਪਰਤਕੇ ਦੱਸਿਆ-
ਬੜੀ ਮੁਸ਼ਕਲ ਹੋਈ ਸੀ
ਬਹਾਰਾਂ ਦਾ ਪਤਾ ਲਾਉਂਦਿਆਂ
ਕੋਈ ਚਿਰਾਂ ਤੋਂ ਨਹੀਂ ਵੇਖੀ ਦੱਸ ਰਿਹਾ ਸੀ
ਕੋਈ ਮਰ-ਖੱਪ ਗਈ ਹੋਣੀ ਆਂ ਦੇ 
ਅੰਦਾਜ਼ੇ ਲਾ ਰਿਹਾ ਸੀ
ਇੱਕ ਨੇ ਤਾਂ ਸਗੋਂ ਅੱਗੋਂ ਸਵਾਲ ਕਰ ਲਿਆ-
“ਇਹ ਬਹਾਰਾਂ ਹੁੰਦੀਆਂ ਕੀ ਨੇ?”

ਆਖ਼ਿਰ ਉਹ ਬਹਾਰ ਨੂੰ ਮਿਲਕੇ
ਹੈਰਾਨ ਵੀ ਹੋਇਆ ਤੇ ਪੇ੍ਰਸ਼ਾਨ ਤਾਂ ਉਹ ਹੋ ਹੀ ਗਿਆ
ਕਿਉਂ ਜੁ-
ਬਹਾਰ ਇੱਕਲੀ ਬੈਠੀ ਔਂਸੀਆਂ ਪਾ ਰਹੀ ਸੀ।
ਉਹਨੂੰ ਪੁੱਛਿਆ – “ਤੂੰ ਆਉਂਦੀ ਕਿਉਂ ਨਹੀਂ?”
ਬਹਾਰ ਦਾ ਜੁਆਬ ਸੀ – “ਮੈਂ ਆਵਾਂ ਕਿਸ ਉੱਪਰ?”
“ਮਤਲਬ?”
“ਮਤਲਬ ਬਹਾਰ ਤਾਂ ਜਵਾਨੀ ‘ਤੇ ਆਉਂਦੀ ਹੈ-
ਤੇ ਅੱਜ ਦੀ ਜਵਾਨੀ ਨੂੰ ਤਾਂ ਕੰਪਿਊਟਰ-ਮੋਬਾਈਲ ਖਾ ਗਏ
ਫੇਰ ਮੈਂ ਆਵਾਂ ਤਾਂ ਆਵਾਂ ਕਿਸ ਲਈ...???



10 ਮਈ 2016


No comments:

Post a Comment