Monday, November 2, 2026

ਰਿਆਜ਼: ਕਿਰਪਾਲ ਕਜ਼ਾਕ ਦੀਆਂ ਸ਼ੁਰੂਆਤੀ ਕਹਾਣੀਆਂ ਦਾ ਇੱਕ ਪੜਚੋਲਨਾਮਾ

 

ਕਿਰਪਾਲ ਕਜ਼ਾਕ 
ਚੇਤਨਾ ਪ੍ਰਕਾਸ਼ਨ ਸਮੂਹ, ਲੁਧਿਆਣਾ ਵੱਲੋਂ ਪ੍ਰਕਾਸ਼ਿਤ 96 ਪੰਨਿਆਂ ਦੇ ਇਸ ਕਹਾਣੀ ਸੰਗ੍ਰਹਿ ਦੀ ਕੀਮਤ 250 ਰੁਪਏ ਹੈ। ਇਸ ਵਿੱਚ ਕਿਰਪਾਲ ਕਜ਼ਾਕ ਦੀਆਂ ਦਸ ਅਣਛਪੀਆਂ ਕਹਾਣੀਆਂ ਨੂੰ ਪੜ੍ਹਨ ਦਾ ਮੌਕਾ ਮਿਲਣਾ ਆਪਣੇ ਆਪ ਵਿੱਚ ਇੱਕ ਸਾਹਿਤਕ ਪ੍ਰਾਪਤੀ ਹੈ।

 


ਇਹ ਦਸ ਕਹਾਣੀਆਂ ਕਜ਼ਾਕ ਦੀ ਸ਼ੁਰੂਆਤੀ ਲੇਖਣੀ ਦੇ ਦੌਰਾਨ ਰਚੀਆਂ ਗਈਆਂ ਹਨ। ਇਹ ਇਸ ਗੱਲ ਨੂੰ ਸਾਬਤ ਕਰਨ ਵਿੱਚ ਸਫਲ ਹੁੰਦੀਆਂ ਹਨ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ।ਇਹ ਦਸ ਕਹਾਣੀਆਂ ਕਜ਼ਾਕ ਦੀ ਸ਼ੁਰੂਆਤੀ ਲੇਖਣੀ ਦੇ ਦੌਰਾਨ ਰਚੀਆਂ ਗਈਆਂ ਹਨ। ਇਹ ਇਸ ਗੱਲ ਨੂੰ ਸਾਬਤ ਕਰਨ ਵਿੱਚ ਸਫਲ ਹੁੰਦੀਆਂ ਹਨ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ।

ਕਜ਼ਾਕ ਅਨੁਸਾਰ, ਉਸ ਸਮੇਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਨ ਵਾਲੇ ਡਾ. ਅਤਰ ਸਿੰਘ, ਡਾ. ਕੇਸਰ ਸਿੰਘ ਅਤੇ ਗੁਰਦਿਆਲ ਸਿੰਘ ਜੀ ਨੇ ਉਸ ਦੀ ਲੇਖਣੀ ਬਾਰੇ ਕੁਝ ਅਹਿਮ ਸੁਝਾਅ ਦਿੰਦਿਆਂ ਇਹ ਸਵਾਲ ਉਠਾਇਆ ਸੀ ਕਿ ਉਸ ਦੀਆਂ ਕਹਾਣੀਆਂ ਵਿੱਚ ਉਸ ਦੀ ਆਪਣੀ ਗ਼ੁਰਬਤ, ਮੁਫ਼ਲਸੀ, ਮਿਹਨਤ-ਮਜ਼ਦੂਰੀ ਅਤੇ ਜ਼ਲਾਲਤ ਦਾ ਅਨੁਭਵ ਕਿੱਥੇ ਹੈ? ਉਨ੍ਹਾਂ ਨੇ ਉਸ ਨੂੰ ਜਿਨਸੀ ਸੰਬੰਧਾਂ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਵੱਲ ਵੀ ਧਿਆਨ ਦੇਣ ਦੀ ਸਲਾਹ ਦਿੱਤੀ ਸੀ। ਕਜ਼ਾਕ ਦੇ ਆਪਣੇ ਕਥਨ ਅਨੁਸਾਰ, ਸੰਭਵ ਹੈ ਕਿ ਇਨ੍ਹਾਂ ਸੁਝਾਵਾਂ ਦੇ ਪ੍ਰਭਾਵ ਹੇਠ ਉਸ ਨੇ ਇਹ ਕਹਾਣੀਆਂ ਉਸ ਸਮੇਂ ਪ੍ਰਕਾਸ਼ਿਤ ਕਰਵਾਉਣ ਤੋਂ ਰੋਕ ਲਈਆਂ ਹੋਣ।ਕਿਤੇ-ਕਿਤੇ ਉਸ ਦੀ ਉਸ ਸਮੇਂ ਦੀ ਨਵੀਂ ਕਲਮ ਆਪਣਾ ਰੰਗ ਵਿਖਾਉਣ ਵਿੱਚ ਅਸਫਲ ਵੀ ਹੁੰਦੀ ਹੈ, ਪਰ ਇਹ ਕਮਜ਼ੋਰੀ ਬਹੁਤੀ ਰੜਕਦੀ ਨਹੀਂ, ਸਗੋਂ ਪਾਠਕ ਦੀ ਰੁਚੀ ਬਣਾਈ ਰੱਖਣ ਵਿੱਚ ਸਫਲ ਰਹਿੰਦੀ ਹੈ।

ਮਾਤ (ਰਚਨਾਕਾਲ: ਦਸੰਬਰ 1977)

ਇਸ ਕਹਾਣੀ ਦਾ ਮੁੱਖ ਪਾਤਰ ਗੁਰਚਰਨ ਪੇਸ਼ਾਵਰੀ ਉਰਫ਼ ਗੁਰੀ ਹੈ, ਪਰ ਕਥਾ ਦੇ ਅੰਤ ਤੋਂ ਕੁਝ ਸਮਾਂ ਪਹਿਲਾਂ ਉੱਭਰਿਆ ਪਾਤਰ ਸ਼ਾਲਿਨੀ ਆਖਰਕਾਰ ਗੁਰੀ ਨੂੰ 'ਮਾਤ' ਦੇ ਦਿੰਦੀ ਹੈ। ਸ਼ੁਰੂ ਤੋਂ ਲੈ ਕੇ ਅੰਤ ਤੱਕ ਵਾਪਰਦੇ ਦ੍ਰਿਸ਼ ਭਾਵੇਂ ਕਾਮੁਕਤਾ ਦੇ ਨੇੜੇ ਜਾਂਦੇ ਹਨ, ਪਰ ਆਪਣਾ ਸੰਤੁਲਨ ਕਾਇਮ ਰੱਖਦੇ ਹਨ। ਇਸ ਨੂੰ ਕਜ਼ਾਕ ਦੀ ਕਲਮ ਦੀ ਕਰਾਮਾਤ ਹੀ ਕਹਿ ਸਕਦੇ ਹਾਂ। ਪੂਰੀ ਕਹਾਣੀ ਵਿੱਚ ਸ਼ਬਦਾਂ ਨੂੰ ਇਸ ਢੰਗ ਨਾਲ ਜਚਾਇਆ ਗਿਆ ਹੈ ਕਿ ਹਰ ਪਲ ਅੱਗੇ ਕੁਝ ਨਵਾਂ ਵਾਪਰਨ ਦੀ ਉਤਸੁਕਤਾ ਬਣੀ ਰਹਿੰਦੀ ਹੈ।

ਖਿੱਦੋ (ਰਚਨਾਕਾਲ: 1980)

ਇਹ ਕਹਾਣੀ ਇੱਕ ਪਰਿਵਾਰ ਦੀਆਂ ਆਪਸੀ ਰੰਜਿਸ਼ਾਂ ਅਤੇ ਦੋ ਭਰਾਵਾਂ ਵਿੱਚੋਂ ਇੱਕ ਦੇ ਅਲੱਗ ਹੋ ਕੇ ਸ਼ਹਿਰ ਵਿੱਚ ਵੱਸ ਜਾਣ 'ਤੇ ਆਧਾਰਿਤ ਹੈ। ਕਹਾਣੀ ਦਾ ਅੰਤ ਬੜੇ ਹੈਰਾਨੀਜਨਕ ਸੱਚ ਨਾਲ ਹੁੰਦਾ ਹੈ ਅਤੇ ਆਪਣੇ ਆਪ ਵਿੱਚ ਵਾਹਵਾ ਪ੍ਰੇਰਕ ਹੈ। ਇਸ ਦਾ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਮੁੱਖ ਪਾਤਰ ਹੁੰਦਿਆਂ ਹੋਇਆਂ ਵੀ ਬਾਕੀ ਪਾਤਰ ਆਪਣੀ ਵੱਖਰੀ ਹੋਂਦ ਕਾਰਨ ਮੁੱਖ ਪਾਤਰ ਹੋਣ ਦਾ ਝੌਲਾ ਪਾਉਂਦੇ ਹਨ।

ਫੈਸਲਾ (ਰਚਨਾਕਾਲ: 1978)

ਮੁਸਲਮਾਨ ਭਾਈਚਾਰੇ 'ਤੇ ਆਧਾਰਿਤ ਇਹ ਕਹਾਣੀ ਕਈ ਅਜਿਹੇ ਸਵਾਲ ਖੜ੍ਹੇ ਕਰਦੀ ਹੈ ਜੋ ਹਰ ਪੱਖੋਂ ਜਾਇਜ਼ ਵੀ ਹਨ ਅਤੇ ਜ਼ਰੂਰੀ ਵੀ, ਪਰ ਕਿਤੇ ਵੀ ਉਸ ਭਾਈਚਾਰੇ ਦੀ ਗੈਰਵਾਜਬ ਮੁਖ਼ਾਲਫ਼ਤ ਨਹੀਂ ਕਰਦੀ। ਕਿਸੇ ਥ੍ਰਿਲਰ ਫ਼ਿਲਮ ਵਾਂਗ ਇਹ ਕਹਾਣੀ ਪਾਠਕ ਨੂੰ ਬੰਨ੍ਹ ਕੇ ਰੱਖਦੀ ਹੈ। ਕਿਸੇ ਹੈਰਾਨੀਜਨਕ ਸੱਚ ਨੂੰ ਦੰਦ-ਕਥਾ ਬਣਾ ਕੇ ਲੋਕ ਉਸ ਦਾ ਅੰਤ ਕਿਵੇਂ ਕਰਦੇ ਹਨ, ਕਜ਼ਾਕ ਨੇ ਇਸ ਨੂੰ ਬੜੇ ਨਾਟਕੀ ਸ਼ਬਦਾਂ ਵਿੱਚ ਦਰਸਾਇਆ ਹੈ:

 

"ਦੰਦ-ਕਥਾ ਖ਼ਤਰਨਾਕ ਸੀ; ਪਰ ਸ਼ਹਿਰ ਨੇ ਮਹਿਜ਼ ਨਸਵਾਰ ਵਾਂਗ ਸੁੰਘੀ। ਪਾਨ ਵਾਂਗ ਚਬਾਈ ਅਤੇ ਥੁੱਕ ਕੇ ਭੁੱਲ ਗਏ।"

ਇਸ ਕਹਾਣੀ ਦਾ ਪਾਤਰ ਬਾਨੋਂ ਅੱਧੀ ਕਹਾਣੀ ਬੀਤਣ ਮਗਰੋਂ ਪ੍ਰਵੇਸ਼ ਕਰਦਾ ਹੈ, ਪਰ ਅੱਗੇ ਚੱਲ ਕੇ ਮੁੱਖ ਪਾਤਰ ਹੋ ਨਿੱਬੜਦਾ ਹੈ। ਕਹਾਣੀ ਦਾ ਅੰਤਿਮ ਸ਼ਬਦ ਵੀ ਇੱਕ ਸਵਾਲ ਹੀ ਹੈ, ਜੋ ਪਾਠਕ ਨੂੰ ਸੋਚਣ ਲਈ ਮਜਬੂਰ ਕਰਦਾ ਹੈ।

ਰੱਬ ਦਾ ਕੁੱਤਾ (ਰਚਨਾਕਾਲ: 1978)

ਇਹ ਕਹਾਣੀ ਵੀ ਰੁਚੀ ਭਰਪੂਰ ਹੈ। ਭਗਤਾ ਰੱਬ ਇਸ ਦਾ ਮੁੱਖ ਪਾਤਰ ਹੈ। ਉਸ ਵੱਲੋਂ ਸਹਿਜ ਸੁਭਾਅ ਵਿੱਚ ਆਖੀਆਂ ਗੱਲਾਂ ਸੱਚ ਹੋਣ ਕਰਕੇ ਉਸ ਦੀ ਅੱਲ 'ਰੱਬ' ਪੈ ਚੁੱਕੀ ਹੈ। ਦਰਅਸਲ ਭਗਤਾ ਮੂਰਖ ਜਿਹਾ ਜਾਪਦਾ ਹੈ ਅਤੇ ਪੂਰਾ ਪਿੰਡ ਉਸ ਨੂੰ ਪਾਗਲ ਸਮਝਦਾ ਹੈ। ਭੂੰਡੀ ਪਰ ਉਸ ਨੂੰ ਬਹੁਤ ਚਾਹੁੰਦੀ ਹੈ। ਉਸ ਦੇ ਪੁੱਛਣ 'ਤੇ ਕਿ ਆਖ਼ਿਰ ਉਹ ਕੌਣ ਹੈ, ਭਗਤੇ ਦਾ ਜਵਾਬ ਹੁੰਦਾ ਹੈ, "ਰੱਬ ਦਾ ਕੁੱਤਾ!" ਬੱਸ, ਏਥੋਂ ਕਹਾਣੀ ਰੰਗ ਬਦਲ ਲੈਂਦੀ ਹੈ ਅਤੇ ਅੰਤ ਪਾਠਕ ਨੂੰ ਹੈਰਾਨ ਕਰ ਦਿੰਦਾ ਹੈ।

ਮਿੱਥਕ (ਰਚਨਾਕਾਲ: 1979)

ਇਹ ਕਾਫ਼ੀ ਤੇਜ਼ ਰਫ਼ਤਾਰ ਕਹਾਣੀ ਹੈ। ਇਸ ਦਾ ਕੁਝ-ਕੁਝ ਝੌਲਾ ਕਿਰਪਾਲ ਕਜ਼ਾਕ ਦੇ ਆਪਣੇ ਹੀ ਲਿਖੇ ਨਾਵਲ 'ਇਤਿ ਕਥਾ' ਦਾ ਵੀ ਪੈਂਦਾ ਹੈ। ਮੁਮਕਿਨ ਹੈ ਕਿ ਉਹ ਨਾਵਲ ਇਸ ਕਹਾਣੀ ਦਾ ਹੀ ਵਿਸਥਾਰ ਹੋਵੇ, ਪਰ ਜਦੋਂ ਕਹਾਣੀ ਦੇ ਅੰਤ ਤੱਕ ਪਹੁੰਚਦੇ ਹਾਂ ਤਾਂ ਇਹ ਉਸ ਨਾਵਲ ਤੋਂ ਬਿਲਕੁਲ ਵੱਖਰੀ ਨੁਹਾਰ ਪੇਸ਼ ਕਰਦੀ ਹੈ। ਚਲੋ ਖ਼ੈਰ, ਇਸ ਕਹਾਣੀ ਦੀ ਰਫ਼ਤਾਰ ਹੀ ਇਸ ਦੀ ਆਤਮਾ ਹੈ।

ਭਾਬੋ-ਪੱਤਾ (ਰਚਨਾਕਾਲ: 1977)

ਇਹ ਬੜੀ ਅਜੀਬੋ-ਗਰੀਬ ਕਹਾਣੀ ਹੈ। ਇਸ ਦੀਆਂ ਪਰਤਾਂ ਨੂੰ ਸਮਝਣਾ ਆਸਾਨ ਨਹੀਂ। ਸ਼ਾਇਦ ਕਜ਼ਾਕ ਦੀ ਕਲਮ ਵੱਲੋਂ ਸਿਰਜੇ ਗਏ ਮਾਹੌਲ ਅਤੇ ਪਾਤਰ ਦੀ ਮਾਨਸਿਕ ਸਥਿਤੀ ਦਾ ਸਾਰ ਇਸੇ ਕਹਾਣੀ ਦੀਆਂ ਕੁਝ ਸਤਰਾਂ ਵਿੱਚ ਸਮਾਇਆ ਹੋਇਆ ਹੈ:

"ਚਾਚੀ ਮੈਨੂੰ ਭੁੱਲ ਨਹੀਂ ਸੀ ਰਹੀ। ਸਭ ਨੇ ਮੰਨ ਲਿਆ ਮੇਰੇ 'ਤੇ ਚਾਚੀ ਦਾ ਸਾਇਆ ਸੀ।... ਇਹ ਸੱਚ ਸੀ। ਉੱਠਦੇ, ਬੈਠਦੇ। ਸੌਂਦੇ, ਜਾਗਦੇ। ਚਾਚੀ ਮੇਰੇ ਸਾਹਮਣੇ ਸੀ। ਟੁੱਟੀਆਂ ਚੂੜੀਆਂ ਦੇ ਢੇਰ 'ਤੇ ਬੈਠੀ। ਬੁੱਲ੍ਹਾਂ ਤੋਂ ਸਿੰਮਦੇ ਲਹੂ ਨਾਲ। ਭਾਬੋ-ਪੱਤਾ ਖੇਡਦੀ। ਹਾਰਦੀ। ਬੁੱਗੀਆਂ ਦਿੰਦੀ। ਢਿੱਡ 'ਤੇ ਬੱਬੜੇ ਬੁਲਾਉਣ ਦੀ ਛੋਟ ਦਿੰਦੀ। ਤੋਤੇ ਨੂੰ ਚੂਰੀ ਖਵਾਉਣ ਦੀ ਸ਼ਰਤ ਲਾਉਂਦੀ।..."

ਇਹ ਸਤਰਾਂ ਕਹਾਣੀ ਦੇ ਅਜੀਬੋ-ਗਰੀਬ ਅਤੇ ਰਹੱਸਮਈ ਮਾਹੌਲ ਨੂੰ ਪਾਠਕ ਦੇ ਸਾਹਮਣੇ ਸਾਕਾਰ ਕਰ ਦਿੰਦੀਆਂ ਹਨ।

ਹੱਕ ਦੀ ਖਾਣ ਵਾਲੇ (ਰਚਨਾਕਾਲ: 1976)

ਇਹ ਕਹਾਣੀ ਅਤੇ ਇਸ ਤੋਂ ਪਿਛਲੀ ਕਹਾਣੀ 'ਭਾਬੋ-ਪੱਤਾ' ਭਾਵੇਂ ਕਜ਼ਾਕ ਦੀਆਂ ਸ਼ੁਰੂਆਤੀ ਰਚਨਾਵਾਂ ਵਿੱਚੋਂ ਕੁਝ ਹਲਕੀਆਂ ਮਹਿਸੂਸ ਹੁੰਦੀਆਂ ਹਨ, ਪਰ ਸਮੁੱਚੇ ਤੌਰ 'ਤੇ ਕਜ਼ਾਕ ਦੀ ਕਲਮ ਆਪਣਾ ਰੁਤਬਾ ਕਾਇਮ ਰੱਖਣ ਵਿੱਚ ਸਫਲ ਹੁੰਦੀ ਨਜ਼ਰ ਆਉਂਦੀ ਹੈ। ਇਸ ਕਹਾਣੀ ਦਾ ਸਾਰ ਵੀ ਇਸੇ ਵਿੱਚ ਲੁਕਿਆ ਹੋਇਆ ਹੈ, ਜੋ ਇੱਕ ਪ੍ਰੇਰਕ ਸੰਦੇਸ਼ ਹੋ ਨਿੱਬੜਦਾ ਹੈ:

"ਨਹੀਂ ਕਾਕਾ। ਮੰਨਿਆ ਢਿੱਡ ਲਈ ਪੁੱਠੇ ਸਿੱਧੇ ਧੰਦੇ ਕਰੀਦੇ। ਪਰ ਹੱਕ ਦੀ ਖਾਈਦੀ। ਤੂੰ ਕੀ ਚਾਹੁੰਨਾਂ ਹਰਾਮ ਦੀ ਖਾ ਕੇ ਤੇਰੇ ਦਾਦੇ ਵਾਂਗ ਕੋਹੜ ਪੈ ਕੇ ਮਰਾਂ? ਐਨੀ ਨੀਚ ਨਹੀਂ ਮੈਂ।"

ਇਹ ਸੰਵਾਦ ਕਹਾਣੀ ਦੇ ਮੂਲ ਵਿਚਾਰ ਨੂੰ ਬੜੀ ਸਪੱਸ਼ਟਤਾ ਨਾਲ ਪੇਸ਼ ਕਰਦਾ ਹੈ। ਹੱਕ ਦੀ ਕਮਾਈ ਅਤੇ ਇਨਸਾਨੀ ਜ਼ਮੀਰ ਦੀ ਅਹਿਮੀਅਤ ਨੂੰ ਕਜ਼ਾਕ ਨੇ ਕਿਸੇ ਲੰਮੇ ਉਪਦੇਸ਼ ਦੀ ਬਜਾਏ ਇੱਕ ਸਾਧਾਰਨ ਪਾਤਰ ਦੇ ਮੂੰਹੋਂ ਬੁਲਵਾ ਕੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ।

ਫ਼ਸੀਲ (ਰਚਨਾਕਾਲ: 1978)

ਬਾਜ਼ੀਗਰ ਭਾਈਚਾਰੇ ਦੀਆਂ ਅੰਦਰਲੀਆਂ ਗੁੰਝਲਾਂ ਨੂੰ ਖੋਲ੍ਹਦੀ ਇਹ ਬੜੀ ਮਾਰਮਿਕ ਕਹਾਣੀ ਹੈ। ਹਰ ਪਲ ਕੁਝ ਨਵਾਂ ਵਾਪਰ ਜਾਣ ਦੀ ਉਤਸੁਕਤਾ ਪਾਠਕ ਦੇ ਅੰਦਰ ਪੈਦਾ ਹੋਣੀ ਹੀ ਇਸ ਕਹਾਣੀ ਦਾ ਰਸ ਹੈ। ਕਜ਼ਾਕ ਨੂੰ ਪਾਠਕ ਦੀਆਂ ਰੁਚੀਆਂ ਦੀ ਸਮਝ ਹੋਣ ਕਰਕੇ ਕਹਾਣੀ ਨੂੰ ਉਸੇ ਲੀਹੇ ਪਾਉਣ ਦਾ ਹੁਨਰ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ ਆ ਗਿਆ ਸੀ, ਇਹ ਇਸ ਕਹਾਣੀ ਤੋਂ ਸਾਬਤ ਹੁੰਦਾ ਹੈ। ਕਹਾਣੀ ਦਾ ਅੰਤ ਦੁਖਾਂਤਕ ਰੂਪ ਧਾਰਨ ਕਰਦਾ ਹੋਇਆ ਵੀ ਸੁਖਾਵੇਂ ਮਾਹੌਲ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਵਿਰੋਧਾਭਾਸ ਕਹਾਣੀ ਨੂੰ ਹੋਰ ਦਿਲਚਸਪ ਬਣਾਉਂਦਾ ਹੈ।

ਪਰਖ (ਰਚਨਾਕਾਲ: 1979)

"ਦੁੱਖਾਂ ਦੇ ਕੜ ਪਾਟੇ। ਨੀਲੀਆਂ ਅੱਖਾਂ 'ਚ ਮਾਰੂਥਲ ਪੱਸਰੇ। ਪੈਰੀਂ ਥੋਰ੍ਹਾਂ ਵਿੱਛੀਆਂ।"

"ਨਿਰਮਲ ਦੁੱਖਾਂ ਦੀ ਓਸ ਭੋਂਇ 'ਤੇ ਖੜੀ ਸੀ ਜਿੱਥੇ ਕਾਮਨਾਵਾਂ ਦੀਆਂ ਕਬਰਾਂ ਅਤੇ ਮੋਏ ਸੁਪਨਿਆਂ ਦੀਆਂ ਅਸਥੀਆਂ ਸਨ। ਐਸੀ ਹਾਲਤ ਵਿੱਚ ਉਸ ਨੂੰ ਛਲਣਾ ਸੌਖਾ ਨਹੀਂ ਸੀ।"

ਉੱਪਰ ਦਿੱਤੇ ਗਏ ਬਿੰਬ ਇਸ ਕਹਾਣੀ ਦਾ ਹਾਸਲ ਹਨ। ਕਜ਼ਾਕ ਦੀ ਭਾਸ਼ਾ ਵਿੱਚ ਬਿੰਬਾਂ ਦੀ ਸਿਰਜਣਾ ਅਤੇ ਸ਼ਬਦਾਂ ਦੀ ਚੋਣ ਵਿਸ਼ੇਸ਼ ਧਿਆਨ ਖਿੱਚਦੀ ਹੈ। ਬਹੁਤ ਹੀ ਨਾਟਕੀ ਢੰਗ ਨਾਲ ਬਦਲਦੇ ਦ੍ਰਿਸ਼ ਰਹੱਸ ਪੈਦਾ ਕਰਦੇ ਹਨ, ਜੋ ਅੰਤ ਵਿੱਚ ਭੇਤ ਖੁੱਲ੍ਹਣ ਉਪਰੰਤ ਪਾਠਕ ਦੀ ਉਤਸੁਕਤਾ ਨੂੰ ਹੈਰਾਨੀ ਵਿੱਚ ਬਦਲ ਦਿੰਦੇ ਹਨ।

ਮਈਅਤ (ਰਚਨਾਕਾਲ: 1974)

ਇਸ ਕਹਾਣੀ ਦਾ ਵਿਸ਼ਾ ਵੰਡ ਦੇ ਸਮੇਂ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਨਾਲ ਜੁੜਿਆ ਹੋਇਆ ਹੈ। ਕਜ਼ਾਕ ਨੇ ਬੜੀ ਵਿਉਂਤਬੰਦੀ ਨਾਲ ਇਸ ਨੂੰ ਰਹੱਸਮਈ ਬਣਾਇਆ ਹੈ। ਮੁੱਖ ਪਾਤਰ ਵੀਰੂ ਦੁਆਲੇ ਘੁੰਮਦੀ ਇਸ ਕਹਾਣੀ ਦੇ ਰਹੱਸ ਨੂੰ ਅੰਤ ਤੱਕ ਗੁਪਤ ਰੱਖਣਾ ਵੀ ਇੱਕ ਸੁਚੱਜੀ ਕਲਾਕਾਰੀ ਹੈ। ਕਹਾਣੀ ਪੜ੍ਹਦਿਆਂ ਪਾਠਕ ਨੂੰ ਰਤਾ ਵੀ ਸ਼ੱਕ ਨਹੀਂ ਪੈਣ ਦਿੱਤਾ ਜਾਂਦਾ ਕਿ ਅੰਤ ਵਿੱਚ ਅਜਿਹਾ ਵੀ ਹੋ ਸਕਦਾ ਹੈ। ਇਹ ਕਹਾਣੀਕਾਰ ਦੀ ਕਥਾ-ਬੁਣਤ ਅਤੇ ਪਾਠਕ ਦੀ ਉਤਸੁਕਤਾ ਨੂੰ ਅੰਤ ਤੱਕ ਕਾਇਮ ਰੱਖਣ ਦੀ ਸਮਰੱਥਾ ਦਾ ਪ੍ਰਮਾਣ ਹੈ।

ਸਮੁੱਚਾ ਮੁਲਾਂਕਣ

ਇਨ੍ਹਾਂ ਦਸ ਕਹਾਣੀਆਂ ਨੂੰ ਇਕੱਠਿਆਂ ਪੜ੍ਹਦਿਆਂ ਕਿਰਪਾਲ ਕਜ਼ਾਕ ਦੀ ਸ਼ੁਰੂਆਤੀ ਕਹਾਣੀਕਾਰੀ ਦੇ ਕਈ ਅਜਿਹੇ ਪੱਖ ਸਾਹਮਣੇ ਆਉਂਦੇ ਹਨ, ਜੋ ਉਸ ਦੇ ਅਗਲੇ ਸਾਹਿਤਕ ਸਫ਼ਰ ਦੀ ਦਿਸ਼ਾ ਦਾ ਅਹਿਸਾਸ ਕਰਵਾਉਂਦੇ ਹਨ।

ਕਿਰਪਾਲ ਕਜ਼ਾਕ ਆਪਣੇ ਸ਼ੁਰੂਆਤੀ ਦੌਰ ਵਿਚ

ਇਨ੍ਹਾਂ ਕਹਾਣੀਆਂ ਵਿੱਚ ਰਹੱਸ, ਰੋਮਾਂਚ, ਸਮਾਜਿਕ ਸਰੋਕਾਰ, ਪਰਿਵਾਰਕ ਰਿਸ਼ਤਿਆਂ ਦੀਆਂ ਗੁੰਝਲਾਂ, ਮਨੁੱਖੀ ਮਾਨਸਿਕਤਾ ਅਤੇ ਜੀਵਨ ਦੇ ਕੌੜੇ ਸੱਚਾਂ ਦੀ ਪੇਸ਼ਕਾਰੀ ਮਿਲਦੀ ਹੈ। 'ਮਾਤ', 'ਫੈਸਲਾ', 'ਰੱਬ ਦਾ ਕੁੱਤਾ', 'ਪਰਖ' ਅਤੇ 'ਮਈਅਤ' ਵਰਗੀਆਂ ਕਹਾਣੀਆਂ ਵਿੱਚ ਪਾਠਕ ਨੂੰ ਅੰਤ ਤੱਕ ਬੰਨ੍ਹ ਕੇ ਰੱਖਣ ਦੀ ਸਮਰੱਥਾ ਖਾਸ ਤੌਰ 'ਤੇ ਨਜ਼ਰ ਆਉਂਦੀ ਹੈ। ਦੂਜੇ ਪਾਸੇ 'ਹੱਕ ਦੀ ਖਾਣ ਵਾਲੇ' ਵਰਗੀ ਕਹਾਣੀ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਹੈ।

ਕਜ਼ਾਕ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਪਾਤਰਾਂ ਨੂੰ ਸਿਰਫ਼ ਕਹਾਣੀ ਅੱਗੇ ਤੋਰਨ ਲਈ ਨਹੀਂ ਸਿਰਜਦਾ, ਸਗੋਂ ਉਨ੍ਹਾਂ ਦੀ ਆਪਣੀ ਹੋਂਦ ਅਤੇ ਪ੍ਰਭਾਵ ਵੀ ਕਾਇਮ ਰੱਖਦਾ ਹੈ। ਕਈ ਵਾਰ ਕੋਈ ਪਾਤਰ ਕਹਾਣੀ ਦੇ ਵਿਚਕਾਰ ਆ ਕੇ ਪੂਰੇ ਕਥਾਨਕ ਦਾ ਰੁਖ਼ ਬਦਲ ਦਿੰਦਾ ਹੈ। 'ਮਾਤ' ਵਿੱਚ ਸ਼ਾਲਿਨੀ ਅਤੇ 'ਫੈਸਲਾ' ਵਿੱਚ ਬਾਨੋਂ ਇਸ ਦੀਆਂ ਉੱਤਮ ਉਦਾਹਰਨਾਂ ਹਨ।

ਇਨ੍ਹਾਂ ਕਹਾਣੀਆਂ ਦੀ ਭਾਸ਼ਾ ਵੀ ਧਿਆਨ ਖਿੱਚਦੀ ਹੈ। ਕਿਤੇ ਨਾਟਕੀ ਸੰਵਾਦ ਹਨ, ਕਿਤੇ ਬਿੰਬਾਂ ਦੀ ਖੂਬਸੂਰਤ ਵਰਤੋਂ ਅਤੇ ਕਿਤੇ ਅਜਿਹੇ ਵਾਕ ਹਨ ਜੋ ਕਹਾਣੀ ਖ਼ਤਮ ਹੋਣ ਤੋਂ ਬਾਅਦ ਵੀ ਪਾਠਕ ਦੇ ਮਨ ਵਿੱਚ ਗੂੰਜਦੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਜ਼ਾਕ ਕਹਾਣੀ ਦਾ ਰਹੱਸ ਬਹੁਤੀ ਵਾਰ ਅੰਤ ਤੱਕ ਸੰਭਾਲ ਕੇ ਰੱਖਣ ਵਿੱਚ ਸਫਲ ਹੁੰਦਾ ਹੈ।

ਇਹ ਵੀ ਸੱਚ ਹੈ ਕਿ ਸਾਰੀਆਂ ਕਹਾਣੀਆਂ ਇੱਕੋ ਪੱਧਰ ਦੀਆਂ ਨਹੀਂ ਹਨ। ਕਿਤੇ ਨਵੀਂ ਕਲਮ ਦੀਆਂ ਸੀਮਾਵਾਂ ਮਹਿਸੂਸ ਹੁੰਦੀਆਂ ਹਨ ਅਤੇ ਕਿਤੇ ਕਹਾਣੀ ਦਾ ਪ੍ਰਭਾਵ ਉਸ ਦੇ ਵਿਸ਼ੇ ਜਾਂ ਪੇਸ਼ਕਾਰੀ ਕਾਰਨ ਕੁਝ ਘੱਟ ਰਹਿ ਜਾਂਦਾ ਹੈ। ਪਰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਇਹ ਕਹਾਣੀਆਂ ਲੇਖਕ ਦੇ ਸ਼ੁਰੂਆਤੀ ਰਚਨਾਕਾਲ ਦੀਆਂ ਹਨ। ਇਸ ਲਈ ਇਨ੍ਹਾਂ ਨੂੰ ਉਸ ਦੀ ਬਾਅਦ ਦੀ ਸਥਾਪਿਤ ਲੇਖਣੀ ਦੇ ਪੈਮਾਨੇ 'ਤੇ ਪਰਖਣ ਦੀ ਬਜਾਏ ਉਸ ਦੇ ਸਾਹਿਤਕ ਵਿਕਾਸ ਦੇ ਮੁੱਢਲੇ ਪੜਾਅ ਵਜੋਂ ਦੇਖਣਾ ਵਧੇਰੇ ਉਚਿਤ ਹੋਵੇਗਾ।

'ਰਿਆਜ਼' ਸਿਰਫ਼ ਦਸ ਅਣਛਪੀਆਂ ਕਹਾਣੀਆਂ ਦਾ ਸੰਗ੍ਰਹਿ ਨਹੀਂ, ਸਗੋਂ ਇੱਕ ਸਥਾਪਿਤ ਕਹਾਣੀਕਾਰ ਦੇ ਸਾਹਿਤਕ ਸਫ਼ਰ ਦੀਆਂ ਮੁੱਢਲੀਆਂ ਪੈੜਾਂ ਨੂੰ ਪਛਾਣਨ ਦਾ ਮੌਕਾ ਵੀ ਹੈ। ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਕਿਰਪਾਲ ਕਜ਼ਾਕ ਦੀ ਕਲਮ ਵਿੱਚ ਕਹਾਣੀ ਕਹਿਣ ਦੀ ਜਿਹੜੀ ਸਮਰੱਥਾ ਸ਼ੁਰੂਆਤੀ ਦੌਰ ਵਿੱਚ ਹੀ ਮੌਜੂਦ ਸੀ, ਉਸ ਨੇ ਅੱਗੇ ਚੱਲ ਕੇ ਹੋਰ ਨਿਖਰਨਾ ਹੀ ਸੀ।

ਕਿਸੇ ਵੀ ਲੇਖਕ ਦੀ ਸ਼ੁਰੂਆਤੀ ਲੇਖਣੀ ਨੂੰ ਪੜ੍ਹਨਾ ਉਸ ਦੇ ਸਾਹਿਤਕ ਵਿਕਾਸ ਦੀਆਂ ਪਰਤਾਂ ਖੋਲ੍ਹਣ ਦੇ ਬਰਾਬਰ ਹੁੰਦਾ ਹੈ। 'ਰਿਆਜ਼' ਇਸ ਪੱਖੋਂ ਪਾਠਕ ਨੂੰ ਨਿਰਾਸ਼ ਨਹੀਂ ਕਰਦਾ।

No comments:

Post a Comment